ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਅੱਜ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਵਿਚਾਲੇ ਕਈ ਲੋਕ ਪਾਣੀ ਵਿੱਚ ਫਸੇ ਹੋਏ ਹਨ। ਅਜਿਹੇ ਹੀ ਇੱਕ ਪਰਿਵਾਰ ਨੂੰ ਅੱਜ ਭਾਰਤੀ ਫੌਜ ਨੇ ਰੈਸਕਿਊ ਕਰਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ, ਜਿਨ੍ਹਾਂ ਵਿੱਚ 15 ਦਿਨ ਦਾ ਬੱਚਾ ਵੀ ਸ਼ਾਮਲ ਹੈ।
ਵੀਰਵਾਰ ਨੂੰ ਗੁਰਦਾਸਪੁਰ ‘ਚ ਜ਼ਿਲਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੂੰ ਪੁਰਾਣਾ ਸ਼ਾਲਾ ਨੇੜੇ ਸਥਿਤ ਪਿੰਡ ਰੰਧਾਵਾ ਕਾਲੋਨੀ ਤੋਂ ਇਕ ਮਾਂ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਪਾਣੀ ਅੰਦਰ ਵੜਨ ਕਾਰਨ ਉਹ ਅਤੇ ਉਸ ਦਾ 15 ਦਿਨਾਂ ਦਾ ਬੱਚਾ ਅਤੇ ਉਸ ਦੇ ਸਹੁਰੇ ਘਰ ਵਿੱਚ ਹੀ ਫਸ ਗਏ ਹਨ। ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।
ਜਿਵੇਂ ਹੀ ਕੰਟਰੋਲ ਰੂਮ ਨੂੰ ਇਹ ਕਾਲ ਮਿਲੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਭਾਰਤੀ ਫੌਜ ਦੇ ਬਚਾਅ ਦਲ ਲੈਫਟੀਨੈਂਟ ਕਰਨਲ ਵੀ.ਕੇ. ਬਚਾਅ ਕਾਰਜਾਂ ਵਿਚ ਜੁਟ ਗਏ।
ਇਸ ਤੋਂ ਬਾਅਦ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਤੁਰੰਤ ਆਪਣੀ ਬਚਾਅ ਟੀਮ ਨੂੰ ਪਿੰਡ ਰੰਧਾਵਾ ਕਾਲੋਨੀ ਭੇਜ ਦਿੱਤਾ। ਕੁਝ ਹੀ ਮਿੰਟਾਂ ‘ਚ ਭਾਰਤੀ ਫੌਜ ਦੀ ਬਚਾਅ ਟੀਮ ਦੱਸੇ ਗਏ ਪਤੇ ‘ਤੇ ਪਹੁੰਚ ਗਈ ਅਤੇ ਛੋਟੇ ਬੱਚੇ, ਉਸ ਦੀ ਮਾਂ ਅਤੇ ਬਜ਼ੁਰਗ ਸਹੁਰੇ ਵਾਲਿਆਂ ਨੂੰ ਪਾਣੀ ‘ਚ ਡੁੱਬੇ ਘਰ ‘ਚੋਂ ਬਾਹਰ ਕੱਢਿਆ।
ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਦੱਸਿਆ ਕਿ ਛੋਟਾ ਬੱਚਾ, ਉਸ ਦੀ ਮਾਂ ਅਤੇ ਬਜ਼ੁਰਗ ਜੋੜਾ ਸਾਰੇ ਠੀਕ ਹਨ ਅਤੇ ਉਨ੍ਹਾਂ ਨੂੰ ਪਾਣੀ ‘ਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਪਰਿਵਾਰ ਨੇ ਇਸ ਔਖੀ ਘੜੀ ਵਿੱਚ ਮਦਦ ਲਈ ਭਾਰਤੀ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।