ਭੁਲੱਥ ਖੇਤਰ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਵਿਗੜ ਰਹੀ ਸਥਿਤੀ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਮੁੜ ਡਿਜ਼ਾਈਨ ਕਰਨ ਦੀ ਮੰਗ ਕੀਤੀ ਹੈ। ਖਹਿਰਾ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਹੈ। ਖਹਿਰਾ ਨੇ ਬਿਆਸ ਦਰਿਆ ਵਿੱਚ ਆਏ ਹੜ੍ਹ ਕਰਕੇ ਭੁਲੱਥ ਅਤੇ ਸ਼੍ਰੀ ਹਰਗੋਬਿੰਦਪੁਰ ਵਿੱਚ ਹੋਈ ਤਬਾਹੀ ਬਾਰੇ ਜਾਣੂ ਕਰਵਾਉਂਦਿਆਂ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਡਿਜ਼ਾਈਨ ‘ਚ ਖਾਮੀਆਂ ਦਾ ਜ਼ਿਕਰ ਕੀਤਾ।
ਨਿਤਿਨ ਗਡਕਰੀ ਨੂੰ ਲਿਖੇ ਪੱਤਰ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਇਸ ਪੱਤਰ ਰਾਹੀਂ ਪੰਜਾਬ ਦੇ ਦਰਿਆਵਾਂ ਦੇ ਜਲ ਗ੍ਰਹਿਣ ਖੇਤਰਾਂ ਵਿੱਚ ਬਣਾਏ ਜਾ ਰਹੇ ਜੰਮੂ-ਕਟੜਾ ਐਕਸਪ੍ਰੈਸ ਵੇਅ ਦੇ ਡਿਜ਼ਾਇਨ ਵਿੱਚ ਬਹੁਤ ਗੰਭੀਰ ਖਾਮੀਆਂ ਵੱਲ ਧਿਆਨ ਦਿਵਾ ਰਹੇ ਹਨ।
ਇਸਤੋਂ ਇਲਾਵਾ ਖਹਿਰਾ ਨੇ ਕਿਹਾ ਕਿ ਭੁਲੱਥ ਵਿਧਾਨ ਸਭਾ ਬਿਆਸ ਦਰਿਆ ਨਾਲ ਘਿਰੀ ਹੋਈ ਹੈ। ਦਿੱਲੀ-ਕਟੜਾ ਐਕਸਪ੍ਰੈਸਵੇਅ ਨਦੀ ਦੇ ਜਲ ਗ੍ਰਹਿਣ ਖੇਤਰ ਵਿੱਚ ਬਣਾਇਆ ਜਾ ਰਿਹਾ ਹੈ ਤੇ ਇਹ ਗਲਤ ਹੈ। ਇਸ ਕਰਕੇ ਜਾਨ-ਮਾਲ ਅਤੇ ਫਸਲਾਂ ਦਾ ਕਾਫੀ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਜਾਣਕਾਰੀ ਦਿੰਦਿਆਂ ਖਹਿਰਾ ਨੇਕਿਹਾ ਕਿ ਐਕਸਪ੍ਰੈਸ ਵੇਅ ਦੇ ਹੇਠਾਂ ਪਾਣੀ ਨਿਕਾਸੀ ਦਾ ਪ੍ਰਬੰਧ ਵੀ ਠੀਕ ਨਹੀਂ ਹੈ। ਇਸ ਨਾਲ ਸਮੱਸਿਆ ਵਧੇਗੀ। ਜਦੋਂਕਿ ਡਿਜ਼ਾਇਨ ਆਮ ਪੁਲਾਂ ਵਾਂਗ ਸਮੁੱਚੀ ਨਦੀ ਉੱਤੇ ਇੱਕ ਪਿੱਲਰ ਆਧਾਰਿਤ ਉੱਚੀ ਸੜਕ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵੱਡੀ ਕਮੀ ਨੂੰ ਤੁਰੰਤ ਤੁਹਾਡੇ ਧਿਆਨ ਵਿੱਚ ਲਿਆ ਰਹੇ ਹਨ, ਕਿਉਂਕਿ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਉਕਤ ਨਦੀ ਖੇਤਰ ਵਿੱਚ ਕੰਕਰੀਟ ਦੀ ਕੰਧ ਬਣਾਈ ਗਈ ਹੈ।
ਨਾਲ ਹੀ ਖਹਿਰਾ ਨੇ ਕਿਹਾ ਇਸ ਵਧੇ ਪਾਣੀ ਦੇ ਦਬਾਅ ਕਰਕੇ ਬਿਆਸ ਦਰਿਆ ਦੇ ਦੋਵੇਂ ਪਾਸੇ ਬਣੇ ਧੁੱਸੀ ਬੰਨ੍ਹ ਦੇ ਟੁੱਟਣ ਦਾ ਡਰ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ ਤਾਂ ਪੰਜਾਬ ਵਿੱਚ 1988 ਦੇ ਹੜ੍ਹਾਂ ਨਾਲ ਹੋਣ ਵਾਲੇ ਜਾਨੀ, ਮਾਲੀ ਤੇ ਫਸਲਾਂ ਦੇ ਨੁਕਸਾਨ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਨੇ ਇਸ ਖੇਤਰ ਵਿੱਚ ਐਕਸਪ੍ਰੈਸ ਵੇਅ ਦੇ ਮੁੜ ਡਿਜ਼ਾਈਨ ਦੀ ਮੰਗ ਕੀਤੀ।