Hemkund sahib yatra : ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਹੜ੍ਹਾਂ ਵਾਲੀ ਸਥਿਤੀ ਕਾਰਨ ਉਤਰਾਖੰਡ ਵਿੱਚ ਚੱਲ ਰਹੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਚਾਰ ਧਾਮ ਦੀ ਯਾਤਰਾ ਪ੍ਰਭਾਵਿਤ ਹੋਈ ਹੈ। ਹੜ੍ਹਾਂ ਕਾਰਨ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਨੂੰ ਆਰੰਭ ਹੋਈ ਸੀ ਤੇ ਤਿੰਨ ਮਹੀਨਿਆਂ ਬਾਅਦ 20 ਅਗਸਤ ਤੱਕ ਲਗਪਗ 1.43 ਲੱਖ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ।
ਹਾਸਲ ਜਾਣਕਾਰੀ ਮੁਤਾਬਕ ਬਰਸਾਤ ਤੋਂ ਪਹਿਲਾਂ ਵੱਡੀ ਗਿਣਤੀ ਸ਼ਰਧਾਲੂ ਇਥੇ ਜਾ ਰਹੇ ਸਨ ਪਰ ਪੰਜਾਬ ਤੇ ਉੱਤਰ ਭਾਰਤ ਵਿੱਚ ਆਏ ਹੜ੍ਹਾਂ ਕਾਰਨ ਸ਼ਰਧਾਲੂਆਂ ਦੀ ਗਿਣਤੀ ਕਾਫੀ ਘੱਟ ਗਈ ਹੈ। ਇਸ ਵੇਲੇ ਰੋਜ਼ਾਨਾ ਔਸਤਨ 250 ਤੋਂ 300 ਸ਼ਰਧਾਲੂ ਹੀ ਜਾ ਰਹੇ ਹਨ ਜਦੋਂਕਿ ਇਸ ਤੋਂ ਪਹਿਲਾਂ ਰੋਜ਼ਾਨਾ ਔਸਤ 1500 ਤੱਕ ਸੀ। ਮਈ ਤੇ ਜੂਨ ਮਹੀਨੇ ਵਿੱਚ ਇਹ ਦਰ 3 ਹਜ਼ਾਰ ਸ਼ਰਧਾਲੂਆਂ ਤੱਕ ਵੀ ਰਹੀ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਵੇਲੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੌਸਮ ਲਗਾਤਾਰ ਸਾਫ਼ ਚੱਲ ਰਿਹਾ ਹੈ ਤੇ ਚਾਰੇ ਪਾਸੇ ਹਰਿਆਵਲ ਹੋ ਗਈ ਹੈ ਅਤੇ ਰੋਜ਼ਾਨਾ ਧੁੱਪ ਨਿਕਲ ਰਹੀ ਹੈ ਪਰ ਅੱਜ-ਕੱਲ੍ਹ ਯਾਤਰੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ ਵਿਚ ਹੜ੍ਹਾਂ ਕਾਰਨ ਹੁਣ ਸ਼ਰਧਾਲੂਆਂ ਦੀ ਗਿਣਤੀ ਕਾਫੀ ਘਟ ਗਈ ਹੈ।
ਉਨ੍ਹਾਂ ਦੱਸਿਆ ਕਿ ਇਥੇ ਰੋਜ਼ਾਨਾ ਧੁੱਪ ਨਿਕਲਣ ਕਾਰਨ ਆਲੇ-ਦੁਆਲੇ ਜੰਮੀ ਬਰਫ ਪਿਘਲ ਚੁੱਕੀ ਹੈ। ਗੁਰਦੁਆਰੇ ਦੇ ਆਲੇ-ਦੁਆਲੇ 15000 ਫੁੱਟ ਦੀ ਉੱਚਾਈ ’ਤੇ ਕਈ ਤਰ੍ਹਾਂ ਦੇ ਫੁਲ ਖਿੜ ਗਏ ਹਨ। ਖਾਸ ਕਰਕੇ ਵਧੇਰੇ ਉਚਾਈ ’ਤੇ ਪੈਦਾ ਹੋਣ ਵਾਲਾ ਬ੍ਰਹਮਕੰਵਲ ਫੁੱਲ ਵੀ ਦਿਖਾਈ ਦੇਣ ਲੱਗ ਪਿਆ ਹੈ।
ਇਸ ਵੇਲੇ ਇਥੇ ਕੁਦਰਤ ਦਾ ਮਨਮੋਹਕ ਰੂਪ ਬਣਿਆ ਹੋਇਆ ਹੈ ਤੇ ਉਤਰਾਖੰਡ ਵਿਚ ਰਸਤੇ ਵੀ ਸਾਫ ਹਨ। ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਹੜ੍ਹਾਂ ਕਾਰਨ ਨਾ ਸਿਰਫ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਗੋਂ ਸਮੁੱਚੇ ਚਾਰ ਧਾਮ ਦੀ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਦਰ ਵਿਚ ਵੱਡੀ ਕਮੀ ਆਈ ਹੈ।