05/19/2024 9:11 AM

ਨੌਕਰੀ ਵਾਲਿਆਂ ਨੂੰ ਮੌਜਾਂ ਹੀ ਮੌਜਾਂ!

ਨੌਕਰੀ ਕਰਨ ਵਾਲੇ ਲੋਕ ਆਮ ਤੌਰ ‘ਤੇ ਹਫ਼ਤੇ ਵਿੱਚ 5-6 ਦਿਨ ਦਫ਼ਤਰ ਜਾਂਦੇ ਹਨ। ਭਾਰਤ ਵਿੱਚ ਜ਼ਿਆਦਾਤਰ ਥਾਵਾਂ ‘ਤੇ ਇਹ ਪ੍ਰਣਾਲੀ ਹੀ ਲਾਗੂ ਹੈ। ਬੈਂਕਾਂ ਵਿੱਚ ਇੱਕ ਹਫ਼ਤੇ ਵਿੱਚ ਇੱਕ ਦਿਨ ਤੇ ਦੂਜੇ ਹਫ਼ਤੇ ਵਿੱਚ ਦੋ ਦਿਨ ਛੁੱਟੀਆਂ ਹੁੰਦੀਆਂ ਹਨ। ਫਿਲਹਾਲ ਬੈਂਕ ਕਰਮਚਾਰੀ ਹਰ ਹਫਤੇ ਦੋ ਦਿਨ ਦੀ ਛੁੱਟੀ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ, ਬਹੁਤ ਸਾਰੇ ਦੇਸ਼ ਨਵੇਂ ਪ੍ਰਯੋਗਾਂ ‘ਤੇ ਕੰਮ ਕਰ ਰਹੇ ਹਨ, ਜਿਸ ਨਾਲ ਵਿਸ਼ਵ ਭਰ ਵਿੱਚ ਵਰਕ ਕਲਚਰ ਨੂੰ ਲੈ ਕੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ।

ਜੇ ਨਤੀਜੇ ਚੰਗੇ ਰਹੇ ਤਾਂ ਪੱਕਾ ਪ੍ਰਬੰਧ
ਵਰਕ ਕਲਚਰ ਬਾਰੇ ਇਹ ਨਵੀਂ ਬਹਿਸ ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਬਾਰੇ ਹੈ। ਕਈ ਦੇਸ਼ ਲੋਕਾਂ ਨੂੰ ਹਫ਼ਤੇ ਵਿੱਚ ਸਿਰਫ਼ ਚਾਰ ਦਿਨ ਕੰਮ ਕਰਨ ਤੇ ਬਾਕੀ ਤਿੰਨ ਦਿਨ ਆਰਾਮ ਕਰਨ ਬਾਰੇ ਪ੍ਰਯੋਗ ਕਰ ਰਹੇ ਹਨ। ਹੁਣ ਇਸ ਨਵੀਂ ਬਹਿਸ ਵਿੱਚ ਨਵਾਂ ਨਾਮ ਸਕਾਟਲੈਂਡ ਦਾ ਜੁੜਿਆ ਹੈ ਜਿਸ ਨੇ ਹਫਤੇ ਵਿੱਚ 4 ਦਿਨ ਕੰਮ ਦਾ ਪ੍ਰਯੋਗ ਸ਼ੁਰੂ ਕੀਤਾ ਹੈ। ਜੇਕਰ ਇਸ ਪ੍ਰਯੋਗ ਦੇ ਚੰਗੇ ਨਤੀਜੇ ਨਿਕਲਦੇ ਹਨ ਤਾਂ ਨਵੀਂ ਪ੍ਰਣਾਲੀ ਨੂੰ ਸਥਾਈ ਬਣਾਉਣ ‘ਤੇ ਵਿਚਾਰ ਕੀਤਾ ਜਾਵੇਗਾ।

ਸਕਾਟਿਸ਼ ਸਰਕਾਰ ਦੀ ਇਹ ਯੋਜਨਾ

ਈਟੀ ਦੀ ਇੱਕ ਰਿਪੋਰਟ ਮੁਤਾਬਕ, ਇਸ ਨਵੀਂ ਪ੍ਰਣਾਲੀ ਦੀ ਪਰਖ ਕਰਦੇ ਹੋਏ, ਸਕਾਟਲੈਂਡ ਨੇ ਚੋਣਵੇਂ ਸਿਵਲ ਸਰਵੈਂਟਸ ਨੂੰ ਹਫਤੇ ਵਿੱਚ ਸਿਰਫ ਚਾਰ ਦਿਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਪ੍ਰਯੋਗ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਏਜੰਸੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਸਕਾਟਿਸ਼ ਸਰਕਾਰ ਇਹ ਦੇਖਣਾ ਚਾਹੁੰਦੀ ਹੈ ਕਿ ਵਰਕ ਵੀਕ ਨੂੰ ਛੋਟਾ ਕਰਨ ਨਾਲ ਕਰਮਚਾਰੀਆਂ ‘ਤੇ ਕੰਮ ਦਾ ਬੋਝ ਕਿਵੇਂ ਘਟਦਾ ਹੈ ਤੇ ਇਸ ਨਾਲ ਵਰਕ ਕਲਚਰ ਵਿੱਚ ਕੀ ਫਰਕ ਪੈਂਦਾ ਹੈ।

ਚਾਰ ਦਿਨ ਕੰਮਕਾਜੀ ਹਫ਼ਤੇ ‘ਤੇ ਬਹਿਸ ਤੇਜ਼
ਸਕਾਟਿਸ਼ ਸਰਕਾਰ ਨੇ 2023-24 ਲਈ ਆਪਣੇ ਪ੍ਰੋਗਰਾਮ ਵਿੱਚ ਇਸ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਸਰਕਾਰ ਨੇ ਕੰਮ ਦੇ ਘੰਟੇ ਘਟਾਉਣ ਦੇ ਸੰਭਾਵੀ ਲਾਭਾਂ ਬਾਰੇ ਜਾਣਨ ਲਈ ਇਹ ਸ਼ੁਰੂਆਤ ਕੀਤੀ ਹੈ। ਕਈ ਅਧਿਐਨਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੰਮ ਦੇ ਦਿਨ ਤੇ ਘੰਟੇ ਘਟਾਉਣ ਨਾਲ ਕਰਮਚਾਰੀਆਂ ਦਾ ਆਊਟਪੁੱਟ ਵਧਦਾ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਭਰ ਵਿੱਚ ਚਾਰ ਦਿਨ ਦੇ ਕੰਮ ਦੇ ਹਫ਼ਤੇ ਬਾਰੇ ਬਹਿਸ ਤੇਜ਼ ਹੋ ਗਈ ਹੈ।

ਬ੍ਰਿਟੇਨ ਨੇ ਪਿਛਲੇ ਸਾਲ ਇਹ ਟ੍ਰਾਇਲ ਕੀਤਾ
ਸਕਾਟਲੈਂਡ ਤੋਂ ਪਹਿਲਾਂ ਬ੍ਰਿਟੇਨ ਨੇ ਪਿਛਲੇ ਸਾਲ ਜੁਲਾਈ ‘ਚ ਅਜਿਹਾ ਟ੍ਰਾਇਲ ਸ਼ੁਰੂ ਕੀਤਾ ਸੀ। ਬ੍ਰਿਟੇਨ ਦਾ ਇਹ ਟ੍ਰਾਇਲ 4 ਦਿਨਾਂ ਦੇ ਕੰਮ ਵਾਲੇ ਹਫਤੇ ਦਾ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਟ੍ਰਾਇਲ ਸੀ। ਉਸ ਵਿੱਚ 6 ਮਹੀਨਿਆਂ ਲਈ ਕਰੀਬ 61 ਸੰਸਥਾਵਾਂ ਦੇ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਤੇ ਤਿੰਨ ਦਿਨ ਆਰਾਮ ਕਰਨ ਦੀ ਵਿਵਸਥਾ ਵਿੱਚ ਸ਼ਾਮਲ ਕੀਤਾ ਗਿਆ ਸੀ।

ਟ੍ਰਾਈਲ ਦੀ ਸਮਾਪਤੀ ਤੋਂ ਬਾਅਦ, ਕਰਮਚਾਰੀਆਂ ਨੂੰ ਪੁਰਾਣੀ ਪ੍ਰਣਾਲੀ ‘ਤੇ ਵਾਪਸ ਆਉਣ ਜਾਂ ਚਾਰ ਦਿਨ ਦੇ ਕੰਮ ਦੇ ਹਫ਼ਤੇ ਨੂੰ ਬਰਕਰਾਰ ਰੱਖਣ ਦੇ ਵਿਚਕਾਰ ਚੋਣ ਕਰਨ ਦਾ ਵਿਕਲਪ ਦਿੱਤਾ ਗਿਆ ਸੀ। ਟ੍ਰਾਈਲ ਵਿੱਚ ਸ਼ਾਮਲ ਲਗਪਗ 3000 ਕਰਮਚਾਰੀਆਂ ਵਿੱਚੋਂ ਜ਼ਿਆਦਾਤਰ ਨੇ ਚਾਰ ਦਿਨ ਦੇ ਕੰਮ ਵਾਲੇ ਹਫ਼ਤੇ ਦੀ ਚੋਣ ਕੀਤੀ ਸੀ।