ਜਲੰਧਰ – ਮਹਾਨਗਰ ਨੂੰ ਨਸ਼ਾਮੁਕਤ ਬਣਾਉਣ ਤੇ ਸਥਾਨਕ ਖੇਤਰ ਵਿਚ ਨਸ਼ਿਆਂ ਦੀ ਰੋਕਥਾਮ ਲਈ ਥਾਣਾ ਬਾਰਾਦਰੀ ਸੈਂਟਰਲ ਹਲਕਾ ਦੇ ਡੀ ਸੀ ਪੀ ਡਾ ਅੰਕੁਰ ਗੁਪਤਾ,ਏ.ਸੀ.ਪੀ. ਨਿਰਮਲ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਬਰਾਦਰੀ ਥਾਣਾ ਵਲੋਂ ਡਰੱਗ ਅਵੇਅਰਨੈਸ ਨੂੰ ਲੈਕੇ ਰੇਲਵੇ ਕਲੱਬ ਨੇੜੇ ਸੰਤ ਨਗਰ ਵਿੱਖੇ ਮੀਟਿੰਗ ਕੀਤੀ ਗਈ | ਇਸ ਮੌਕੇ ਏ.ਸੀ.ਪੀ. ਨਿਰਮਲ ਸਿੰਘ ਵਲੋਂ ਦੱਸਿਆ ਗਿਆ ਕਿ ਨਸ਼ਾ ਮੁਕਤ ਪੰਜਾਬ ਦੇ ਵਿਸ਼ੇ ਵਿਚ ਪਿਛਲੀ 1 ਤਰੀਕ ਤੋਂ ਪੰਜਾਬ ਸਰਕਾਰ ਦੇ ਆਦੇਸ਼ਾ ਤਹਿਤ ਲਗਾਤਾਰ ਵੱਖ -ਵੱਖ ਥਾਵਾਂ ਤੇ ਲੋਕਾਂ ਨੂੰ ਇਕੱਠਾ ਕਰਕੇ ਨਸ਼ਾ ਮੁਕਤ ਬਣਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਜੋ ਲੋਕ ਪੁਲੀਸ ਦੀ ਨਜਰਾਂ ਤੋਂ ਚੋਰੀ ਨਸ਼ਾ ਵੇਚ ਰਹੇ ਹਨ ਉਨ੍ਹਾਂ ਬਾਰੇ ਪੁਲਸ ਨੂੰ ਦੱਸਿਆ ਜਾਵੇ ਅਤੇ ਉਨ੍ਹਾਂ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ |ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ਾ ਵੇਚਣ ਵਾਲਿਆਂ ਦਾ ਸਾਥ ਦੇਣ ਵਾਲਿਆਂ ‘ਤੇ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਡੀ.ਸੀ.ਪੀ. ਡਾ ਅੰਕੁਰ ਗੁਪਤਾ ਨੇ ਕਿਹਾ ਕਿ ਸਮਾਜ ਵਿਚ ਖ਼ਾਸ ਕਰ ਕੇ ਨੌਜਵਾਨਾਂ ਵਿਚ ਨਸ਼ਿਆਂ ਦੇ ਹੋਰ ਫੈਲਾਅ ਨੂੰ ਰੋਕਣ ਲਈ ਸਮਾਜ ਸੇਵੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਧੀਨ ਪੈਂਦੇ ਇਲਾਕੇ ‘ਚ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਇਲਾਕਾ ਵਾਸੀਆਂ ਦੇ ਸਹਿਯੋਗ ਦੀ ਲੋੜ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਨਸ਼ੇ ਨੂੰ ਰੋਕਣ ਤੇ ਪੰਜਾਬ ਦੀ ਜਵਾਨੀ ਬਚਾਉਣ ਲਈ ਆਪਣਾ ਫ਼ਰਜ਼ ਅਦਾ ਕਰ ਰਹੀ ਹੈ। ਜੇਕਰ ਤੁਹਾਡੀ ਨਜ਼ਰ ਵਿਚ ਕੋਈ ਵੀ ਨਸ਼ੇ ਦਾ ਕਾਰੋਬਾਰ ਕਰ ਰਿਹਾ ਤਾਂ ਉਸਦੀ ਸੂਚਨਾ ਤਰੁੰਤ ਪੁਲਿਸ ਨੂੰ ਦਿੱਤੀ ਜਾਵੇ। ਇਸ ਦੌਰਾਨ ਡਾ ਅੰਕੁਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਦਾ ਮਿਸ਼ਨ ਸਫ਼ਲ ਹੋ ਗਿਆ ਹੈ।ਫਿਰ ਵੀ ਪੁਲਿਸ ਪ੍ਰਸ਼ਾਸਨ ਇਲਾਕੇ ‘ਚ ਸਰਗਰਮ ਨਸ਼ਾ ਤਸਕਰਾਂ ਨੂੰ ਜਲਦ ਕਾਬੂ ਕਰ ਲਵੇਗੀ। ਉਨ੍ਹਾਂ ਸਥਾਨਕ ਸ਼ਹਿਰ ਤੇ ਇਲਾਕੇ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ। ਇਸ ਉਪਰੰਤ ਐੱਸ.ਐੱਚ.ਓ. ਰਵਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਥਾਨਕ ਸ਼ਹਿਰ ਤੇ ਇਲਾਕੇ ਦੇ ਨਸ਼ਾ ਤਸਕਰਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਨਿੱਜੀ ਤੇ ਸਿਟੀ ਪੁਲਿਸ ਦੇ ਐੱਸਐੱਚਓ ਦੇ ਨੰਬਰਾਂ ਤੇ ਕਿਸੇ ਵੀ ਸਮੇਂ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ। ਇਲਾਕੇ ਦੇ ਸਾਰੇ ਨਸ਼ਾ ਤਸਕਰਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਕੇ ਇਲਾਕੇ ਨੂੰ ਨਸ਼ਾਮੁਕਤ ਜ਼ੋਨ ਬਣਾਇਆ ਜਾਵੇਗਾ। ਪਿਛਲੇ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੋਂ ਕਈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ। ਇਸ ਮੀਟਿੰਗ ’ਚ ਵੱਡੀ ਗਿਣਤੀ ਚ ਲੋਕਾਂ ਨੇਂ ਸ਼ਿਰਕਤ ਕੀਤੀ ਅਤੇ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਵਲੋਂ ਪੁਲਸ ਪ੍ਰਸ਼ਾਸਨ ਦੀ ਟੀਮ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ।
