05/17/2024 2:10 AM

ਅੱਜ ਪੰਜਾਬ ਦਾ ਬਦਲਿਆ ਜਾਵੇਗਾ ਐਡਵੋਕੇਟ ਜਨਰਲ

ਪੰਜਾਬ ਦੇ ਐਡਵੋਕੇਟ ਜਨਰਲ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਮੌਜੂਦਾ ਐਡਵੋਕੇਟ ਜਨਰਲ ਵਿਨੋਦ ਘਈ ਆਪਣਾ ਅਸਤੀਫ਼ਾ ਦੇਣਗੇ। ਸੂਬੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਕਰੀਬ 1 ਸਾਲ 7 ਮਹੀਨੇ ਹੋਏ ਹਨ ਅਤੇ ਪੰਜਾਬ ਵਿੱਚ ਤੀਸਰਾ ਐਡਵੋਕੇਟ ਜਨਰਲ ਲਗਾਉਣ ਜਾ ਰਹੀ ਹੈ। ਵਿਨੋਦ ਘਈ ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਨੂੰ ਵੀ AG ਲਗਾਇਆ ਗਿਆ ਸੀ। ਅਨਮੋਲ ਰਤਨ ਸਿੱਧੂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਵਿਨੋਦ ਘਈ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਸੀ।

ਹਲਾਂਕਿ ਪੰਜਾਬ ਸਰਕਰ ਨੂੰ ਹਾਈਕੋਰਟ ਤੋਂ ਇਸ ਦੌਰ ਵਿੱਚ ਕਈ ਵਾਰ ਫਟਕਾਰ ਖਾਣੀ ਪਈ ਸੀ। ਹਾਈਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਨੂੰ ਕਈ ਫੈਸਲੇ ਆਪਣੇ ਵਾਪਸ ਲੈਣੇ ਪਏ ਸਨ। ਜਿਸ ਕਾਰਨ ਹੁਣ AG ਵਿਨੋਦ ਘਈ ਦੀ ਛੁੱਟੀ ਹੋ ਸਕਦੀ ਹੈ।

ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਦਿੱਤੀਆਂ ਸਨ। ਜਿਸ ਦੇ ਖਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਾਕਰ ਨੂੰ ਕਾਫ਼ੀ ਫਟਕਾਰ ਲਈ ਸੀ ਕਿ ਚੁਣੇ ਹੋਏ ਨੁਮਾਇੰਦਿਆਂ ਦੇ ਹੱਕਾਂ ਨੂੰ ਸਰਕਾਰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਅਦਾਲਤ ਵਿੱਚ ਪੰਜਾਬ ਸਰਕਾਰ ਦੇ ਵਕੀਲ ਆਪਣਾ ਪੱਖ ਸਹੀ ਤਰ੍ਹਾਂ ਨਹੀਂ ਰੱਖ ਪਾਏ ਸਨ ਜਿਸ ਕਰਕੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ।

ਇਸੇ ਤਰ੍ਹਾਂ ਇੱਕ ਹੋਰ ਫੈਸਲਾ ਲਿਆ ਗਿਆ ਸੀ ਕਿ 1060 ਨਵੇਂ ਭਰਤੀ ਕੀਤੇ ਪਟਵਾਰੀਆਂ ਨੂੰ ਸਿਰਫ਼ ਇੱਕ ਸਾਲ ਟ੍ਰੇਨਿੰਗ ਹੀ ਦਿੱਤੀ ਜਾਵੇਗੀ। ਸਰਕਾਰ ਦੇ ਇਸ ਫੈਸਲੇ ਨੂੰ ਵੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਇਸ ਕੇਸ ਵਿੱਚ ਵੀ ਪੰਜਾਬ ਦਾ ਐਡਵੋਕੇਟ ਜਨਰਲ ਚੰਗੀ ਤਰ੍ਹਾਂ ਪੈਰਵਾਈ ਨਹੀਂ ਕਰ ਸਕਿਆ ਅਤੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਗਿਆ ਸੀ।