ਪੈਸਿਆਂ ਦੇ ਲਾਲਚ ‘ਚ ਗ੍ਰੰਥੀ ਨੇ ਕਰਾਏ 100 ਤੋਂ ਵੱਧ ਫਰਜ਼ੀ ਆਨੰਦ ਕਾਰਜ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ

ਬਠਿੰਡਾ ‘ਚ ਵਿਦੇਸ਼ ਭੇਜਣ ਲਈ ਭਰਾ-ਭੈਣਾਂ ਦਾ ਵਿਆਹ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੰਸ ਨਗਰ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ਵਿੱਚ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾਏ। ਉਸ ਨੇ ਆਪਣੇ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਕਰਵਾਇਆ ਜਦਕਿ ਵਿਆਹੁਤਾ ਜੋੜਿਆਂ ਨੂੰ ਦਿੱਤੇ ਗਏ ਮੈਰਿਜ ਸਰਟੀਫਿਕੇਟ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਜਾਅਲੀ ਲੈਟਰਪੈਡ ‘ਤੇ ਸਨ।

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਅਤੇ ਪਰਿਵਾਰ ਨੇ ਲੈਟਰਪੈਡ ‘ਤੇ ਲਿਖੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਬਹੁਤੇ ਆਨੰਦ ਕਾਰਜ ਜਿਹੜੇ ਵਿਦੇਸ਼ ਜਾਣ ਲਈ ਕਰਵਾਏ ਗਏ ਹਨ, ਉਹ ਕੰਟਰੈਕਟ ਮੈਰਿਜ ਹਨ।

ਜਦੋਂ ਮਾਮਲਾ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਕੋਲ ਪਹੁੰਚਿਆ ਤਾਂ ਬੁੱਢਾ ਦਲ ਨੇ ਆਪਣੇ ਪੱਧਰ ‘ਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹੰਸ ਨਗਰ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ 100 ਤੋਂ ਵੱਧ ਫਰਜ਼ੀ ਆਨੰਦ ਕਾਰਜ ਕਰਵਾਏ। ਉਹ ਜਦੋਂ ਹੰਸ ਨਗਰ ਸਥਿਤ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਗ੍ਰੰਥੀ ਉਥੋਂ ਫਰਾਰ ਹੋ ਗਿਆ। ਬੁੱਢਾ ਦਲ ਨੇ ਇਸ ਸਬੰਧੀ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੱਤੀ ਹੈ। ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋਸ਼ੀ ਗ੍ਰੰਥੀ ਸਿੰਘ ਨੇ ਸੰਜੇ ਨਗਰ ਅਤੇ ਬੀੜ ਤਾਲਾਬ ਬਸਤੀ ਨੰਬਰ 6 ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਨਾਂ ’ਤੇ ਜਾਅਲੀ ਲੈਟਰਹੈੱਡ ਬਣਾਏ ਹਨ, ਜਿਸ ਨੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜ ਕਰਵਾਉਣ ਤੋਂ ਬਾਅਦ ਉਕਤ ਗੁਰਦੁਆਰਿਆਂ ਦੇ ਲੈਟਰਪੈਡਾਂ ‘ਤੇ ਮੈਰਿਜ ਸਰਟੀਫਿਕੇਟ ਜਾਰੀ ਕਰਕੇ ਹੇਠਾਂ ਦਸਤਖਤ ਕੀਤੇ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਜਸਥਾਨ ਦੇ ਇੱਕ ਪਰਿਵਾਰ ਨੇ ਇਸ ਗੁਰਦੁਆਰਾ ਸਾਹਿਬ ਦੀ ਭਾਲ ਕੀਤੀ। ਫਿਰ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਗ੍ਰੰਥੀ ਸਿੰਘ ਨੇ ਇੱਕ ਮੁੰਡੇ ਦਾ ਵਿਆਹ ਉਸ ਦੀ ਮਾਸੀ ਦੀ ਕੁੜੀ ਨਾਲ ਕਰਵਾ ਚੁੱਕਾ ਹੈ।

ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ 96 ਕਰੋੜੀ ਦੇ ਜ਼ਿਲ੍ਹਾ ਜਥੇਦਾਰ ਕੁਲਵੰਤ ਸਿੰਘ ਬਾਬਾ ਸੰਤਾ ਸਿੰਘ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਕਤ ਗ੍ਰੰਥੀ ਸਿੰਘ ਨੇ ਨਾ ਸਿਰਫ਼ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ ਹੈ ਸਗੋਂ ਨਾਬਾਲਗਾਂ ਨੂੰ ਜਾਅਲੀ ਸਰਟੀਫਿਕੇਟ ਦੇ ਕੇ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ। ਉਹ ਪੁਲਿਸ ਕਾਰਵਾਈ ਲਈ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਕਰ ਰਹੇ ਹਨ।