ਖਾਣ ਦੀਆਂ ਕੁੱਝ ਚੀਜ਼ਾਂ ਨੂੰ ਜੇ ਤੁਸੀਂ ਭਿਓਂ ਕੇ ਖਾਂਦੇ ਹੋ ਤਾਂ ਤੁਹਾਨੂੰ ਇਸ ਤੋਂ ਦੁੱਗਣਾ ਲਾਭ ਮਿਲੇਗਾ। ਮਾਹਿਰਾਂ ਅਨੁਸਾਰ ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਰਾਤ ਭਰ ਪਾਣੀ ‘ਚ ਭਿਓਂ ਕੇ ਅਗਲੇ ਦਿਨ ਸਵੇਰੇ ਖਾ ਲੈਂਦੇ ਹੋ ਤਾਂ ਇਸ ‘ਚ ਮੌਜੂਦ ਪੋਸ਼ਕ ਤੱਤਾਂ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਤੁਹਾਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਸਰੀਰ ਨੂੰ ਲੋੜੀਂਦੀ ਊਰਜਾ ਮਿਲਦੀ ਹੈ।
ਖੂਨ ਦੀ ਕਮੀ, ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ‘ਚ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਤੁਰੰਤ ਫ਼ਾਇਦਾ ਮਿਲਦਾ ਹੈ। ਬਦਾਮ ਤੋਂ ਇਲਾਵਾ ਹਰ ਰੋਜ਼ ਮੇਥੀ ਅਤੇ ਅਲਸੀ ਦੇ ਬੀਜ, ਕਿਸ਼ਮਿਸ਼ ਅਤੇ ਹਰੀ ਮੂੰਗ ਨੂੰ ਭਿਓਂ ਕੇ ਖਾਓ। ਜਾਣੋ ਇਨ੍ਹਾਂ ਦੇ ਫ਼ਾਇਦੇ –
ਕਿਸ਼ਮਿਸ਼
ਕਿਸ਼ਮਿਸ਼ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ। ਭਿੱਜੀ ਹੋਈ ਕਿਸ਼ਮਿਸ਼ ਨੂੰ ਨਿਯਮਿਤ ਤੌਰ ‘ਤੇ ਖਾਣ ਨਾਲ ਸਰੀਰ ‘ਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। ਅਨੀਮੀਆ ਅਤੇ ਕਿਡਨੀ ਸਟੋਨ ਦੀ ਸਮੱਸਿਆ ‘ਚ ਵੀ ਫ਼ਾਇਦਾ ਹੋਵੇਗਾ। ਇਸ ਨੂੰ ਖਾਣ ਨਾਲ ਚਮੜੀ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ। ਕਿਸ਼ਮਿਸ਼ ਨੂੰ ਸੌਂਫ ਦੇ ਨਾਲ ਰਾਤ ਭਰ ਭਿਓਂ ਕੇ ਸਵੇਰੇ ਖਾ ਲਓ। ਇਸ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਹਰੀ ਮੂੰਗ
ਹਰੀ ਮੂੰਗੀ ਦੀ ਦਾਲ ਪ੍ਰੋਟੀਨ, ਫਾਈਬਰ ਅਤੇ ਵਿਟਾਮਿਨ ਬੀ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਨਾਲ ਹੀ ਇਸ ‘ਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਫ਼ਾਇਦਾ ਪਹੁੰਚਾਉਂਦੀ ਹੈ। ਮੂੰਗ ‘ਚ ਐਂਟੀਆਕਸੀਡੈਂਟਸ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਇਸ ਨਾਲ ਸ਼ੂਗਰ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਅਲਸੀ ਦੇ ਬੀਜ
ਅਲਸੀ ਦੇ ਬੀਜ ਭਿਓਂ ਕੇ ਖਾਣਾ ਵੀ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਇਸ ‘ਚ ਓਮੇਗਾ-3 ਫੈਟੀ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ। ਜੇਕਰ ਤੁਹਾਨੂੰ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੈ ਤਾਂ ਫਲੈਕਸਸੀਡ ਦਾ ਸੇਵਨ ਕਰਨਾ ਫ਼ਾਇਦੇਮੰਦ ਹੋਵੇਗਾ।
ਇਹ ਸਰੀਰ ‘ਚ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ ਅਤੇ ਖਰਾਬ ਕੋਲੈਸਟ੍ਰਾਲ ਨੂੰ ਘਟਾਉਂਦਾ ਹੈ। ਫਲੈਕਸਸੀਡ ‘ਚ ਡਾਇਟਰੀ ਫਾਈਬਰ ਦੀ ਵੀ ਭਰਪੂਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਲਈ ਚੰਗਾ ਹੁੰਦਾ ਹੈ। ਸਵੇਰੇ ਖਾਲੀ ਢਿੱਡ ਭਿੱਜੇ ਹੋਏ ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਮੇਥੀ ਦੇ ਬੀਜ
ਮੇਥੀ ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਸਭ ਤੋਂ ਵਧੀਆ ਉਪਾਅ ਹੈ। ਇੱਕ ਚੱਮਚ ਮੇਥੀ ਬੀਜ ਪਾਣੀ ‘ਚ ਪਾ ਕੇ ਸਵੇਰੇ ਖਾਲੀ ਢਿੱਡ ਖਾਓ। ਇਹ ਸ਼ੂਗਰ ਦੇ ਮਰੀਜ਼ਾਂ ‘ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਪੀਰੀਅਡਸ ਦੇ ਦਰਦ ‘ਚ ਵੀ ਆਰਾਮ ਮਿਲਦਾ ਹੈ।