ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮੱਦੇਨਜ਼ਰ 12 ਉਮੀਦਵਾਰਾਂ ਨੂੰ ਨੋਟਿਸ ਜਾਰੀ
ਜਲੰਧਰ, 9 ਮਾਰਚ (EN) ਜਿੰਮਖਾਨਾ ਕਲੱਬ ਜਲੰਧਰ ਦੀਆਂ ਚੋਣਾਂ ਸਬੰਧੀ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲ਼ੰਘਣਾ ਦੇ ਮੱਦੇਨਜ਼ਰ ਸਹਾਇਕ ਰਿਟਰਨਿੰਗ ਅਫ਼ਸਰ ਪੁਨੀਤ ਸ਼ਰਮਾ ਵੱਲ਼ੋਂ 12 ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜਾਰੀ ਨੋਟਿਸ ਅਨੁਸਾਰ ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਅਮਿਤ ਕੁਕਰੇਜਾ, ਤਰੁਣ ਸਿੱਕਾ, ਸੌਰਭ ਖੁੱਲਰ, ਸੁਮਿਤ ਸ਼ਰਮਾ, ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ, ਮੁਕੇਸ਼ ਕੁਮਾਰ, ਅਤੁਲ ਤਲਵਾੜ, ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ, ਐਮ.ਬੀ. ਬਾਲੀ ਅਤੇ ਕਰਨ ਅਗਰਵਾਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਜਾਰੀ ਨੋਟਿਸ ਅਨੁਸਾਰ ਇਨ੍ਹਾਂ ਉਮੀਦਵਾਰਾਂ ਵਿਰੁੱਧ ਸ਼ਿਕਾਇਤ ਮਿਲੀ ਸੀ ਕਿ ਇਨ੍ਹਾਂ ਵੱਲ਼ੋਂ ਵੋਟਿੰਗ ਤੋਂ 24 ਘੰਟੇ ਪਹਿਲਾਂ ਚੋਣਾਂ ਸਬੰਧੀ ਪ੍ਰਚਾਰ ਉਪਰ ਰੋਕ ਦੀ ਉਲੰਘਣਾ ਕੀਤੀ ਗਈ। ਨੋਟਿਸ ਅਨੁਸਾਰ ਵੋਟਿੰਗ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਜਿਸ ਅਨੁਸਾਰ ਚੋਣ ਪ੍ਰਚਾਰ 9 ਮਾਰਚ ਨੂੰ ਸਵੇਰੇ 8 ਵਜੇ ਬੰਦ ਹੋ ਗਿਆ ਸੀ। ਜਾਰੀ ਨੋਟਿਸ ਅਨੁਸਾਰ ਇਨ੍ਹਾਂ ਉਮੀਦਵਾਰਾਂ ਵੱਲ਼ੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਆਪਣਾ ਚੋਣ ਪ੍ਰਚਾਰ ਜਾਰੀ ਰੱਖਿਆ ਗਿਆ ਅਤੇ ਵੋਟਰਾਂ ਨੂੰ ਖਾਣੇ ਦੇ ਸੱਦੇ ਸਬੰਧੀ ਸੱਦਾਪੱਤਰ ਵੰਡੇ ਗਏ, ਜੋ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਜਾਰੀ ਨੋਟਿਸ ਅਨੁਸਾਰ ਸਬੰਧਤ ਧਿਰਾਂ ਨੂੰ ਇਸ ਸਬੰਧੀ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਗਏ ਹਨ। ਸਹਾਇਕ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਨਿਯਮਾਂ ਅਨੁਸਾਰ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨਾਂ ਇਹ ਵੀ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਕੀਤੇ ਜਾਣ ਵਾਲੇ ਸਮਾਗਮ ਕਰਵਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ ਤਾਂ ਜੋ ਚੋਣ ਅਮਲ ਨੂੰ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਕੀਤਾ ਜਾ ਸਕੇ ।