06/23/2024 12:49 AM

ਕੈਬਨਿਟ ਮੰਤਰੀ ਵੱਲੋਂ ਕਰਤਾਰਪੁਰ ਹਲਕੇ ’ਚ 3.40 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ

43 ਲੱਖ ਨਾਲ ਸਾਰਾ ਸ਼ਹਿਰ ਹੋਵੇਗਾ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ, ਸੁਰੱਖਿਆ ਪ੍ਰਬੰਧ ਹੋਣਗੇ ਹੋਰ ਪੁਖ਼ਤਾ

ਇੰਟਰਲਾਕਿੰਗ ਟਾਈਲਾਂ, ਸਟ੍ਰੀਟ ਲਾਈਟਾਂ, ਪਾਰਕਾਂ ਦੇ ਵਿਕਾਸ ਸਬੰਧੀ ਪ੍ਰਾਜੈਕਟ ਵੀ ਹੋਣਗੇ ਸ਼ੁਰੂ

ਕਰਤਾਰਪੁਰ/ਜਲੰਧਰ, 9 ਮਾਰਚ (EN) ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਕਾਸ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਤਹਿਤ ਕਰਤਾਰਪੁਰ ਹਲਕੇ ਦੀ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਨਾਲ ਨੁਹਾਰ ਬਦਲੀ ਜਾਵੇਗੀ। ਅੱਜ ਕਰਤਾਰਪੁਰ ਵਿਖੇ 3.40 ਕਰੋੜ ਰੁਪਏ ਦੇ ਵਿਕਾਸ ਦੇ 8 ਵੱਖ -ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਵੇਲੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਸ਼ਹਿਰੀ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਉਸਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਪੇਸ਼ ਵਿਕਾਸ ਕੰਮਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਕੇ ਕੰਮ ਵੀ ਸ਼ੁਰੂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਵਿਕਾਸ ਕੰਮਾਂ ਦੀ ਖੁਦ ਨਿਗਰਾਨੀ ਕਰਨ ਤਾਂ ਜੋ ਕੰਮ ਦੀ ਗੁਣਵੱਤਾ ਤੇ ਸਮੇਂ ਸਿਰ ਮੁਕੰਮਲ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ।

ਉਦਘਾਟਨ ਕੀਤੇ ਗਏ ਕੰਮਾਂ ਵਿੱਚ ਮੁੱਖ ਤੌਰ ’ਤੇ 43.52 ਲੱਖ ਦੀ ਲਾਗਤ ਨਾਲ ਸਾਰੇ ਸ਼ਹਿਰ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਕਰਨਾ ਹੈ, ਜਿਸ ਦੇ ਨਾਲ ਸ਼ਹਿਰ ਅੰਦਰ ਬਾਜ਼ ਅੱਖ ਰੱਖੀ ਜਾ ਸਕੇਗੀ, ਜੋ ਕਿ ਸੁਰੱਖਿਆ ਪ੍ਰਬੰਧਾਂ ਵਿਚ ਬਹੁਤ ਸਹਾਈ ਹੋਵੇਗੀ। ਇਸ ਤੋਂ ਇਲਾਵਾ 130.22 ਲੱਖ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵੱਲ ਜਾਂਦੀ ਮੁੱਖ ਸੜਕ ਦੇ ਕਿਨਾਰਿਆਂ ’ਤੇ ਇੰਟਰਲਾਕਿੰਗ ਟਾਈਲਾਂ ਵਿਛਾਉਣ ਦੇ ਨਾਲ-ਨਾਲ 17.9 ਲੱਖ ਦੀ ਲਾਗਤ ਨਾਲ ਇਸੇ ਸੜਕ ’ਤੇ ਸਵਾਗਤੀ ਗੇਟ ਦਾ ਨਿਰਮਾਣ ਵੀ ਸ਼ਾਮਲ ਹੈ।
ਇਸੇ ਤਰ੍ਹਾਂ 40.58 ਲੱਖ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇ ਆਲੇ-ਦੁਆਲੇ ਦੇ ਖੇਤਰ ਅਤੇ ਸ਼ਹਿਰ ਦੇ ਹੋਰ ਭਾਗਾਂ ਵਿੱਚ ਸਟ੍ਰੀਟ ਲਾਈਟ ਦੇ ਪੁਆਇੰਟ ਪ੍ਰਦਾਨ ਕਰਨ ਸਬੰਧੀ ਕਾਰਜ, 43.4 ਲੱਖ ਰੁਪਏ ਦੀ ਲਾਗਤ ਚਰਖੜੀ ਮੁਹੱਲੇ ਵਿੱਚ ਪਾਰਕਾਂ ਦਾ ਵਿਕਾਸ,14.5 ਲੱਖ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਦਫ਼ਤਰ ਦੇ ਨਵੀਨੀਕਰਨ ਸਬੰਧੀ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਤੋਂ ਇਲਾਵਾ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਵਿੱਚ ਨਗਰ ਕੌਂਸਲ ਕਰਤਾਰਪੁਰ ਦੀ ਸੈਨੀਟੇਸ਼ਨ ਬ੍ਰਾਂਚ ਲਈ 50 ਲੱਖ ਦੀ ਲਾਗਤ ਨਾਲ 2 ਟਾਟਾ ਏਸ ਅਤੇ ਬੈਕ ਹੋ ਲੋਡਰ ਦੀ ਖ਼ਰੀਦ ਵੀ ਸ਼ਾਮਲ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹਮੇਸ਼ਾ ਆਮ ਆਦਮੀ ਦੀ ਭਲਾਈ ਨੂੰ ਮੁੱਖ ਰੱਖਦਿਆਂ ਇਤਿਹਾਸਕ ਫੈਸਲੇ ਲਏ ਹਨ, ਜਿਸ ਵਿੱਚ 600 ਯੂਨਿਟ ਬਿਜਲੀ ਮੁਆਫੀ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਸਰਕਾਰੀ ਨੌਕਰੀਆਂ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ਹੈਲਪਲਾਈਨ 1076, ਘਰ-ਘਰ ਰਾਸ਼ਨ, ਆਪ ਦੀ ਸਰਕਾਰ, ਆਪ ਦੇ ਦੁਆਰ ਸਮੇਤ ਕਈ ਹੋਰ ਲੋਕ ਪੱਖੀ ਪਹਿਲਕਦਮੀਆਂ ਸ਼ਾਮਲ ਹਨ।