05/12/2024 3:46 PM

ਐਕਸ਼ਨ ਮੋਡ ‘ਚ ਸੀਐਮ ਭਗਵੰਤ ਮਾਨ, ਅੱਜ ਬੁਲਾਈ ਕੈਬਨਿਟ ਮੀਟਿੰਗ, 22 ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਸਵੇਰੇ 10 ਵਜੇ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ 22 ਸਤੰਬਰ ਨੂੰ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਪ੍ਰਵਾਨਗੀ ਲਈ ਜਾਵੇਗੀ। ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਸਰਕਾਰ ਵਿਸ਼ਵਾਸ ਮਤਾ ਪੇਸ਼ ਕਰੇਗੀ। ਇਸ ਤੋਂ ਇਲਾਵਾ ਪੰਜਾਬ ਕੈਬਨਿਟ ਵੱਲੋਂ ਸਿਵਲ ਏਵੀਏਸ਼ਨ ਸਲਾਹਕਾਰ ਦੀ ਪੋਸਟ ਨੂੰ 2024 ਤੱਕ ਵਧਾਏ ਜਾਣ ਸਬੰਧੀ ਵਿਚਾਰ-ਚਰਚਾ ਕੀਤੀ ਜਾਵੇਗੀ।

ਪੰਜਾਬ ‘ਚ ‘ਆਪ’ ਦੀ ਮਾਨ ਸਰਕਾਰ ਨੇ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ‘ਚ ਵਿਸ਼ਵਾਸ ਮਤ ਤੋਂ ਪਹਿਲਾਂ ਅੱਜ ਕੈਬਨਿਟ ਮੀਟਿੰਗ ਬੁਲਾਈ ਹੈ। ਇਸ ‘ਚ ਵਿਧਾਨ ਸਭਾ ‘ਚ ਵਿਸ਼ਵਾਸ ਮਤ ਹਾਸਲ ਕਰਨ ਤੋਂ ਇਲਾਵਾ ‘ਆਪ’ ਦੇ ਮੰਤਰੀ ਪਾਰਟੀ ‘ਤੇ ਲੱਗੇ ਹੋਰ ਦੋਸ਼ਾਂ ਦਾ ਜਵਾਬ ਦੇਣ ਦੀ ਰਣਨੀਤੀ ਵੀ ਬਣਾਉਣਗੇ। ਮੁੱਖ ਮੰਤਰੀ ਨੇ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਵਿਰੋਧੀ ਧਿਰ ਵੱਲੋਂ ‘ਆਪ’ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕੋਈ ਵੀ ਵਿਧਾਇਕ ਲਾਲਚ ਵਿੱਚ ਨਹੀਂ ਆਇਆ।
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਰਕਾਰ ਵੀ ਭਾਜਪਾ ‘ਤੇ ‘ਆਪ’ ਵਿਧਾਇਕਾਂ ਨੂੰ ਖਰੀਦਣ ਦਾ ਦੋਸ਼ ਲਾਉਂਦਿਆਂ ਦਿੱਲੀ ‘ਚ ਵਿਸ਼ਵਾਸ ਮਤ ਲੈ ਕੇ ਆਈ ਸੀ। ਮੀਟਿੰਗ ਵਿੱਚ ‘ਆਪ’ ਦੇ ਮੰਤਰੀਆਂ ਵੱਲੋਂ ਮੁੱਖ ਮੰਤਰੀ ਮਾਨ ਦੇ ਸ਼ਰਾਬੀ ਹੋਣ ਦੇ ਦੋਸ਼ਾਂ ਨੂੰ ਵਿਰੋਧੀ ਧਿਰ ਵੱਲੋਂ ਪਲਟਵਾਰ ਕਰਨ ਬਾਰੇ ਵੀ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ।
ਓਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਜਰਮਨੀ ਦੇ ਫਰੈਂਕਫਰਟ ਤੋਂ ਦਿੱਲੀ ਜਾਂਦੇ ਸਮੇਂ ਭਗਵੰਤ ਮਾਨ ਨੂੰ ਲੁਫਥਾਂਸਾ ਏਅਰਵੇਜ਼ ਦੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਹ ਨਸ਼ੇ ਵਿਚ ਸੀ ਅਤੇ ਠੀਕ ਤਰ੍ਹਾਂ ਨਾਲ ਚੱਲਣ ਦੀ ਸਥਿਤੀ ਵਿਚ ਨਹੀਂ ਸੀ। ਵਿਰੋਧੀ ਧਿਰ ਨੇ ਮੁੱਖ ਮੰਤਰੀ ਤੋਂ ਇਸ ਮੁੱਦੇ ਸਬੰਧੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ ਪਰ ਆਮ ਆਦਮੀ ਪਾਰਟੀ ਨੇ ਇਸ ਨੂੰ ਬਿਨਾਂ ਵਿਰੋਧ ਦੇ ਮੁੱਦਾ ਦੱਸਿਆ ਹੈ।