05/20/2024 5:15 PM

ਮੋਹਾਲੀ ‘ਚ ਭਾਰਤ-ਆਸਟ੍ਰੇਲੀਆ ਦਾ ਕ੍ਰਿਕਟ ਮੈਚ ਅੱਜ , ਜਾਮ ਤੋਂ ਬਚਣ ਲਈ ਪੜ੍ਹੋ ਇਹ ਰੂਟ ਪਲਾਨ

ਮੋਹਾਲੀ ਦੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਮੰਗਲਵਾਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਟੀ-20 ਮੈਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਖਿਡਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਲਈ 1500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 105 ਅਤਿ-ਆਧੁਨਿਕ ਕੈਮਰੇ ਲਗਾਏ ਗਏ ਹਨ ,ਜੋ ਫੇਸ ਰੀਡਿੰਗ ਤੋਂ ਲੈ ਕੇ ਚਲਦੇ ਵਾਹਨਾਂ ਤੱਕ ਦੇ ਨੰਬਰਾਂ ਨੂੰ ਪੜ੍ਹਨ ਦੇ ਸਮਰੱਥ ਹਨ। ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਟਰੈਫਿਕ ਰੂਟ ਤੈਅ ਕੀਤੇ ਗਏ ਹਨ। ਇਸ ਤੋਂ ਇਲਾਵਾ ਸੱਤ ਪਾਰਕਿੰਗ ਲਾਟ ਬਣਾਏ ਗਏ ਹਨ, ਜਿੱਥੇ ਲੋਕ ਆਪਣੇ ਵਾਹਨ ਪਾਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਪੀਸੀਏ ਦੇ ਆਲੇ-ਦੁਆਲੇ ਦੇ ਖੇਤਰ ਨੂੰ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ।

ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਅਨੁਸਾਰ ਗੇਟ ਨੰਬਰ ਇੱਕ-ਏ ਅਤੇ ਇੱਕ-ਬੀ ਤੋਂ ਸਟੇਡੀਅਮ ਵਿੱਚ ਦਾਖ਼ਲ ਹੋਣ ਵਾਲਿਆਂ ਲਈ ਹਾਕੀ ਸਟੇਡੀਅਮ ਦੇ ਅੰਦਰ ਪਾਰਕਿੰਗ ਬਣਾਈ ਗਈ ਹੈ। ਇਸ ਦੇ ਨਾਲ ਹੀ ਗੇਟ ਨੰਬਰ ਇਕ-ਸੀ ਤੋਂ ਦਾਖਲ ਹੋਣ ਵਾਲਿਆਂ ਲਈ ਪਾਰਕਿੰਗ ਮਲਟੀਪਰਪਜ਼ ਸਟੇਡੀਅਮ ਵਿਚ ਹੋਵੇਗੀ। ਗੇਟ ਨੰਬਰ ਚਾਰ ਤੋਂ ਦਾਖਲ ਹੋਣ ਵਾਲਿਆਂ ਲਈ ਹੋਟਲ ਮੈਜੇਸਟਿਕ ਦੇ ਅੱਗੇ ਅਤੇ ਪਿਛਲੇ ਪਾਸੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਗੇਟ ਨੰਬਰ ਇਕ-ਡੀ, 11 ਅਤੇ 14 ਤੋਂ ਸਟੇਡੀਅਮ ਵਿਚ ਦਾਖਲ ਹੋਣ ਵਾਲਿਆਂ ਲਈ ਪਾਰਕਿੰਗ ਫੇਜ਼-10 ਦੇ ਹਾਕੀ ਸਟੇਡੀਅਮ ਅਤੇ ਮਾਰਕੀਟ ਦੇ ਅੰਦਰਲੇ ਪਿਛਲੇ ਗੇਟ ਤੋਂ ਹੋਵੇਗੀ। ਪੁੱਡਾ ਭਵਨ ਨੇੜੇ ਗੇਟ ਨੰਬਰ 5, 6, 7, 9 ਅਤੇ 10 ਤੋਂ ਦਾਖਲ ਹੋਣ ਵਾਲਿਆਂ ਲਈ ਵਣ ਭਵਨ ਨੇੜੇ ਅਤੇ ਮੰਡੀ ਨੇੜੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਦੱਸਿਆ ਗਿਆ ਕਿ ਪਾਇਲਟ ਐਸਕਾਰਟ ਲਈ ਪਾਰਕਿੰਗ ਪੀਸੀਏ ਤੋਂ ਟੀ ਪੁਆਇੰਟ ਨਾਈਪਰ ਰੋਡ ਤੱਕ ਹੋਵੇਗੀ।

 ਇਨ੍ਹਾਂ ਸੜਕਾਂ ਤੋਂ ਲੰਘੋਗੇ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲਾਈਟ ਪੁਆਇੰਟ ‘ਤੇ ਬੈਰੀਕੇਡ ਲਗਾ ਕੇ ਮੰਗਲਵਾਰ ਸ਼ਾਮ 5 ਵਜੇ ਫੇਜ਼ 10 ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਜਾਵੇਗਾ। ਸਿਰਫ਼ ਉਨ੍ਹਾਂ ਲੋਕਾਂ ਨੂੰ ਸਟੇਡੀਅਮ ਵੱਲ ਜਾਣ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਕੋਲ ਮੈਚ ਦੀ ਟਿਕਟ ਜਾਂ ਪਾਰਕਿੰਗ ਪਾਸ ਹੈ। ਸਟੇਡੀਅਮ ਦੇ ਨਾਲ ਲੱਗਦੇ ਰਿਹਾਇਸ਼ੀ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਲਈ ਵਿਸ਼ੇਸ਼ ਪਾਸ ਬਣਾਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਬਲੌਂਗੀ ਨਾਈਪਰ ਰੋਡ ‘ਤੇ ਆਵਾਜਾਈ ਆਮ ਵਾਂਗ ਜਾਰੀ ਰਹੇਗੀ। ਨਿੱਪਰ ਪੁਲ ਅਤੇ ਸੈਕਟਰ-68 ਤੋਂ ਫੇਜ਼ 9 ਨੂੰ ਜਾਣ ਵਾਲੀ ਸੜਕ ਆਮ ਲੋਕਾਂ ਲਈ ਬੰਦ ਰਹੇਗੀ। ਚੰਡੀਗੜ੍ਹ ਟ੍ਰਿਬਿਊਨ ਚੌਕ ਤੋਂ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ’ਤੇ ਆਵਾਜਾਈ ਆਮ ਵਾਂਗ ਜਾਰੀ ਰਹੇਗੀ। ਇਸ ਸੜਕ ਰਾਹੀਂ ਲੋਕ ਇੱਕ ਪਾਸੇ ਏਅਰਪੋਰਟ ਜਾਂ ਪਟਿਆਲਾ ਵੱਲ ਜਾ ਸਕਦੇ ਹਨ ਅਤੇ ਦੂਜੇ ਪਾਸੇ ਖਰੜ ਵੱਲ ਜਾ ਸਕਦੇ ਹਨ।

ਸੈਕਟਰ-45-46 ਤੋਂ ਪੀਸੀਏ ਵੱਲ ਆਉਣ ਵਾਲੀ ਸੜਕ ’ਤੇ ਵੀ.ਵੀ.ਆਈ.ਪੀ. ਰੂਟ ਰਹੇਗਾ। ਇਸ ਸੜਕ ‘ਤੇ ਫੇਜ਼ 9 ਅਤੇ 10 ਦੇ ਲਾਈਟ ਪੁਆਇੰਟ ਤੋਂ ਆਮ ਲੋਕਾਂ ਲਈ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ। ਇਸ ਸੜਕ ‘ਤੇ ਤੁਸੀਂ ਮੋਹਾਲੀ ਖੇਤਰ ਵਿਚ ਜਾ ਸਕਦੇ ਹੋ। ਸੈਕਟਰ 44-45 ਤੋਂ ਮੁਹਾਲੀ ਨੂੰ ਆਉਣ ਵਾਲੀ ਸੜਕ ’ਤੇ ਟ੍ਰੈਫਿਕ ਚੱਲਦਾ ਰਹੇਗਾ।

ਵਾਈਪੀਐਸ ਚੌਕ ਤੋਂ ਵੀ ਟ੍ਰੈਫਿਕ ਚੱਲਦਾ ਰਹੇਗਾ । ਇਸ ਦੇ ਨਾਲ ਹੀ ਪੁਲਿਸ ਨੇ ਆਪਣੇ ਰੂਟ ਪਲਾਨ ‘ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸ ਸੜਕ ‘ਤੇ ਕਿਸ ਗੇਟ ‘ਤੇ ਰਸਤਾ ਅਤੇ ਪਾਰਕਿੰਗ ਹੋਵੇਗੀ। ਬਾਕੀ ਸੜਕਾਂ ‘ਤੇ ਆਵਾਜਾਈ ਆਮ ਵਾਂਗ ਚੱਲੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੀ.ਸੀ.ਏ. ਨੂੰ ਜਾਣ ਵਾਲੀਆਂ ਸੜਕਾਂ ‘ਤੇ ਨਿਕਲਣ ਤੋਂ ਬਚਣ।