ਪਿਛਲੇ ਦਿਨਾਂ ਤੋਂ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਭਨਰਾ ਤੋਂ ਲਾਪਤਾ ਨਾਬਾਲਗ ਤਿੰਨ ਲੜਕੀਆਂ ਦੀਆਂ ਲਾਸ਼ਾਂ ਭਾਖੜਾ ਨਹਿਰ ‘ਚੋਂ ਮਿਲੀਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ ਨੂੰ ਇਹ ਲੜਕੀਆਂ ਦੁਪਹਿਰ ਸਮੇਂ ਆਪਣੇ ਘਰ ਤੋਂ ਲਾਪਤਾ ਹੋਈਆਂ ਸਨ ।ਇਨ੍ਹਾਂ ਵਿੱਚੋਂ ਦੋ ਲੜਕੀਆਂ ਸਕੀਆਂ ਭੈਣਾਂ ਹਨ ਜਦਕਿ ਇੱਕ ਉਸ ਦੀ ਰਿਸ਼ਤੇਦਾਰ ਹੈ। ਨਹਿਰ ਵਿੱਚ ਡੁੱਬਣ ਵਾਲੀਆਂ ਇਨ੍ਹਾਂ ਲੜਕੀਆਂ ਦੀ ਉਮਰ 17 ਸਾਲ, 15 ਸਾਲ ਅਤੇ 14 ਸਾਲ ਸੀ।ਭੋਲੇ ਸ਼ੰਕਰ ਗੋਤਾਖੋਰ ਕਲੱਬ ਦੀ ਗੋਤਾਖੋਰ ਟੀਮ ਨੇ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਲਾਸ਼ ਨਹਿਰ ਵਿੱਚੋਂ ਨਿਕਲਦੇ ਹੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਸਕੀਆਂ ਭੈਣਾਂ ਦੇ ਪਿਤਾ ਨੇ ਕਿਹਾ ਕਿ ਇਹ ਤਿੰਨੇ ਅਕਸਰ ਕਹਿੰਦੇ ਸਨ ਕਿ ਇਕੱਠੇ ਰਹਿਣਗੇ ਤੇ ਇਕੱਠੇ ਮਰਾਂਗੇ। ਉਦੋਂ ਤੋਂ ਉਹ 12 ਜੂਨ ਨੂੰ ਲਾਪਤਾ ਹੋਈਆਂ ਆਪਣੀਆਂ ਦੋ ਧੀਆਂ ਅਤੇ ਮਾਮੇ ਦੀ ਲੜਕੀ ਦੀ ਭਾਲ ਕਰ ਰਿਹਾ ਸੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ, ਇਸ ਲਈ ਉਸ ਨੇ ਪਸਿਆਣਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਪਰਿਵਾਰ ਦੀਆਂ ਤਿੰਨ ਕੁੜੀਆਂ ਇਸ ਤਰ੍ਹਾਂ ਇਸ ਦੁਨੀਆ ਨੂੰ ਛੱਡ ਜਾਣਗੀਆਂ। ਉਨ੍ਹਾਂ ਪੁਲੀਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਵੇ। ਪਸਿਆਣਾ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਮਾਮਲਾ ਖੁਦਕੁਸ਼ੀ ਦਾ ਹੈ ਜਾਂ ਕੋਈ ਹੋਰ ਕਾਰਨ ਹੈ।