ਜਲੰਧਰ ਦੇ ਨਕੋਦਰ ਰੋਡ ‘ਤੇ ਸਥਿਤ ਫਰੈਸ਼ ਬਾਈਟ ਦਾ ਮਸ਼ਹੂਰ ਪੀਜ਼ਾ ਕਪਲ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਇਸ ਵਾਰ ਆਪਣੇ ਪੀਜ਼ਾ ਲਈ ਨਹੀਂ ਸਗੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਕਾਰਨ ਉਹ ਚਰਚਾ ‘ਚ ਹਨ। ਇਸ ਵੀਡੀਓ ‘ਚ ਪਿਜ਼ਾ ਕਪਲ ਹਥਿਆਰਾਂ ਨਾਲ ਨਜ਼ਰ ਆ ਰਿਹਾ ਹੈ। ਕਾਬਲੇਗੌਰ ਹੈ ਕਿ ਸੂਬੇ ‘ਚ ਬੰਦੂਕ ਕਲਚਰ ਨੂੰ ਖਤਮ ਕਰਨ ਅਤੇ ਸੂਬੇ ‘ਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਲਈ ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਦੇਣ ਅਤੇ ਹਥਿਆਰਾਂ ਨਾਲ ਫੋਟੋਆਂ ਅਤੇ ਵੀਡੀਓ ਪੋਸਟ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਅਜਿਹਾ ਕਰਨ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਵਾਇਰਲ ਹੋਣ ਮਗਰੋਂ ਹੁਣ ਇਸ ਪੀਜ਼ਾ ਕਪਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਵੀਡੀਓ ‘ਚ ਪ੍ਰਦਰਸ਼ਿਤ ਬੰਦੂਕਾਂ ਅਸਲ ‘ਚ ਖਿਡੌਣੇ ਸਨ ਤੇ ਮੈਕਲੋਡ ਗੰਜ ਤੋਂ ਗਾਹਕ ਉਨ੍ਹਾਂ ਦੀ ਦੁਕਾਨ ‘ਤੇ ਲੈਕੇ ਆਏ ਸਨ। ਉਨ੍ਹਾਂ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਖਬਰਾਂ ‘ਚ ਵੀ ਆ ਗਈ ਹੈ ਪਰ ਅਸਲ ਸੱਚ ਇਹ ਹੈ ਕਿ ਉਹ ਖਿਡੌਣੇ ਸਨ ‘ਤੇ ਉਨ੍ਹਾਂ ਸ਼ੌਂਕੀਆ ਤੌਰ ‘ਤੇ ਉਹ ਵੀਡੀਓ ਬਣਾਈ ਸੀ।
ਜੋੜੇ ਦਾ ਕਹਿਣਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਵੀ ਮਜ਼ਾਕ ਵਿਚ ਬਣਾਈ ਵੀਡੀਓ ਇਨ੍ਹੀ ਵਾਇਰਲ ਹੋ ਜਾਵੇਗੀ। ਉਨ੍ਹਾਂ ਦਾ ਕਹਿਣਾ ਕਿ ਹਥਿਆਰ ਸੁਰੱਖਿਆ ਲਈ ਹੁੰਦੇ ਹਨ ਤੇ ਪੁਲਿਸ ਜਾਂ ਫੌਜ ਦੇ ਹੱਥੀਂ ਹੀ ਫੱਬਦੇ ਹਨ ਤੇ ਲੋਕਾਂ ਨੂੰ ਵੀ ਹਥਿਆਰਾਂ ਨਾਲ ਸ਼ੋਸ਼ਾਗਿਰੀ ਤੇ ਫੁਕਰੀਬਾਜ਼ੀ ਤੋਂ ਪ੍ਰੇਹਜ਼ ਰੱਖਣਾ ਚਾਹੀਦਾ ਹੈ।
ਇਲਾਕਾ ਵਾਸੀਆਂ ਵੱਲੋਂ ਜ਼ਬਰਦਸਤ ਹੰਗਾਮਾਂ
ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਸ਼ਹੂਰ ਪੀਜ਼ਾ ਕਪਲ ਨਾਲ ਇਲਾਕਾ ਨਿਵਾਸੀਆਂ ਵੱਲੋਂ ਜ਼ਬਰਦਸਤ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਹੰਗਾਮਾ ਮਚਾਉਣ ਦਾ ਕਾਰਨ ਇਲਾਕਾ ਨਿਵਾਸੀਆਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਲੋਕ ਇੱਥੇ ਖਾਣ-ਪੀਣ ਲਈ ਆ ਕੇ ਖੜ੍ਹੇ ਰਹਿੰਦੇ ਹਨ ਅਤੇ ਰਸਤੇ ਵਿੱਚ ਆਪਣੀਆਂ ਗੱਡੀਆਂ ਖੜਾਈ ਰੱਖਦੇ ਹਨ।