ਮੀਂਹ ਦਾ ਮੌਸਮ ਅਜੇ ਕੁਝ ਦਿਨ ਹੋਰ ਬਣਿਆ ਰਹਿ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਜਾਰੀ ਕੀਤੀ ਕਿ 7 ਤੋਂ 9 ਮਈ ਦੇ ਦਰਮਿਆਨ ਬੰਗਾਲ ਦੀ ਖਾੜੀ ’ਚੋਂ ਚੱਕਰਵਾਤੀ ਤੂਫਾਨ ਉੱਠੇਗਾ। ਇਸ ਨੂੰ ‘ਮੋਚਾ’ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਅਸਰ ਕਾਰਣ ਨਾ ਸਿਰਫ ਦੇਸ਼ ਦੇ ਪੂਰਬੀ ਹਿੱਸਿਆਂ ਵਿਚ ਮੀਂਹ ਪਵੇਗਾ ਸਗੋਂ ਹਿਮਾਚਲ ਪ੍ਰਦੇਸ਼, ਐੱਮ. ਪੀ, ਛੱਤੀਸਗੜ੍ਹ, ਉੜੀਸ਼ਾ, ਬਿਹਾਰ, ਝਾਰਖੰਡ ਅਤੇ ਪੂਰਬੀ ਉਤਰ ਪ੍ਰਦੇਸ਼ ਵਿਚ ਅਗਲੇ 4 ਦਿਨ ਤਕ ਮੌਸਮ ਖਰਾਬ ਰਹਿ ਸਕਦਾ ਹੈ। ਦੇਸ਼ ਦੇ ਦੱਖਣੀ ਸੂਬਿਆਂ ਵਿਚ ਉਤਰ ਦੇ ਪਹਾੜੀ ਸੂਬਿਆਂ ਵਿਚ ਵੀ ਮੀਂਹ ਪਵੇਗਾ। ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਦੀਆਂ ਪਹਾੜੀਆਂ ’ਤੇ ਬੇਮੌਸਮੀ ਬਰਫਬਾਰੀ ਦੀ ਉਮੀਦ ਹੈ। ਮੌਸਮ ਵਿਚ ਬਦਲਾਅ ਕਾਰਣ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵੀ ਨਹੀਂ ਬਚੇ ਰਹਿਣਗੇ।
ਦੂਜੇ ਪਾਸੇ ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਸਰਗਰਮ ਹੈ। ਇਸ ਦਾ ਅਸਰ ਸਿਰਫ ਸ਼ਨੀਵਾਰ ਨੂੰ ਹੀ ਰਹੇਗਾ। ਐਤਵਾਰ ਤੋਂ ਮੌਸਮ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਪਾਰੇ ਵਿਚ ਵਾਧਾ ਹੋਵੇਗਾ। ਸੋਮਵਾਰ ਤੋਂ ਮਈ ਦੀ ਗਰਮੀ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ਵਿਚ ਵੱਧ ਤੋਂ ਵੱਧ ਪਾਰਾ 32 ਤੋਂ 37 ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਜਿਵੇਂ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਮੁਕਤਸਰ, ਤਰਨਤਾਰਨ ਆਦਿ ਜ਼ਿਆਦਾਤਰ ਥਾਵਾਂ ‘ਤੇ ਹਨੇਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਨਾਲ ਹੀ ਪੰਜਾਬ ‘ਚ ਕਈ ਥਾਵਾਂ ‘ਤੇ ਤੂਫਾਨ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਅਤੇ ਜਲੰਧਰ ਦੇ ਕੁੱਝ ਇਲਾਕਿਆਂ ਵਿਚ 10 ਐੱਮ. ਐੱਮ. ਬਾਰਿਸ਼ ਰਿਕਾਰਡ ਹੋਈ ਹੈ। ਜਦਕਿ ਬਾਕੀ ਦੇ ਜ਼ਿਲ੍ਹਿਆਂ ਵਿਚ ਵੀ ਹਨ੍ਹੇਰੀ ਅਤੇ ਹਲਕੀ ਬੂੰਦਾਬਾਂਦੀ ਦੇਖਣ ਨੂੰ ਮਿਲੀ। ਸੂਬੇ ਵਿਚ 1 ਮਾਰਚ ਤੋਂ ਲੈ ਕੇ ਹੁਣ ਤਕ 90.4 ਐੱਮ. ਐੱਮ. ਮੀਂਹ ਰਿਕਾਰਡ ਹੋ ਚੁੱਕਾ ਹੈ, ਜੋ ਸੂਬੇ ਵਿਚ ਇਸ ਸਮੇਂ ਆਮ ਦੇ ਮੁਕਾਬਲੇ 128 ਫੀਸਦੀ ਸਰਪਲੱਸ ਹੋ ਚੁੱਕੀ ਹੈ। ਜਦਕਿ ਅੱਗੇ ਹੋਰ ਬਾਰਿਸ਼ ਹੋਣ ਦੇ ਆਸਾਰ ਦੱਸੇ ਜਾ ਰਹੇ ਹਨ।