ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦਾ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਕਰਮਚਾਰੀ ਪੰਚਾਇਤ ਵਿਭਾਗ ਦੀ 60 ਏਕੜ ਜ਼ਮੀਨ ‘ਤੇ ਹੋਏ ਕਬਜ਼ੇ ਨੂੰ ਛੁਡਾਉਣ ਲਈ ਪਿੰਡ ਸ਼ੇਰਪੁਰ ਡੋਗਰਾ ਵਿਖੇ ਪੁੱਜੇ। ਪ੍ਰਸ਼ਾਸਨਿਕ ਟੀਮ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਅਫ਼ਸਰਾਂ ਨੂੰ ਖੇਤਾਂ ਵਿੱਚ ਦੌੜਾ ਦਿੱਤਾ। ਕਰੀਬ ਛੇ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਵੀ ਕਿਸਾਨ ਨਾ ਮੰਨੇ ਅਤੇ ਅਖੀਰ ਅਧਿਕਾਰੀਆਂ ਨੂੰ ਖਾਲੀ ਹੱਥ ਪਰਤਣਾ ਪਿਆ।
ਡੀਡੀਪੀਓ ਹਰਜਿੰਦਰ ਸਿੰਘ ਸੰਧੂ ਅਤੇ ਬੀਡੀਪੀਓ ਸੇਵਾ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਸੁਲਤਾਨਪੁਰ ਲੋਧੀ ਪਿੰਡ ਚੂਹੜਪੁਰ (ਪਿੰਡ ਸ਼ੇਰਪੁਰ ਡੋਗਰਾ) ਵਿੱਚ ਪੰਚਾਇਤ ਵਿਭਾਗ ਦੀ 60 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਖ਼ਤ ਹੁਕਮ ਹਨ ਕਿ ਪੰਚਾਇਤ ਵਿਭਾਗ ਦੀ ਜ਼ਮੀਨ ’ਤੇ ਕਿਸੇ ਵੀ ਵਿਅਕਤੀ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ, ਜਿਸ ਕਾਰਨ ਅੱਜ ਇਸ ਕਬਜੇ ਨੂੰ ਛੁਡਾਉਣ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਆਈ ਸੀ ਪਰ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਮਾਹੌਲ ਖ਼ਰਾਬ ਨਾ ਹੋਵੇ, ਇਸੇ ਲਈ ਅੱਜ ਇਸ ’ਤੇ ਰੋਕ ਲਗਾ ਦਿੱਤੀ ਗਈ ਹੈ, ਪਰ ਪ੍ਰਸ਼ਾਸਨ ਵੱਲੋਂ ਕਬਜ਼ੇ ਹਟਾਉਣ ਦਾ ਕੰਮ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅਦਾਲਤ ਵਿੱਚ ਕੇਸ ਵੀ ਹਾਰ ਚੁੱਕੇ ਹਨ ਅਤੇ ਪੰਚਾਇਤ ਵਿਭਾਗ ਦੀ ਜ਼ਮੀਨ ਸੁਲਤਾਨਪੁਰ ਲੋਧੀ ਦੇ ਵੱਖ–ਵੱਖ ਖੇਤਰਾਂ ਵਿੱਚ ਹੈ। ਜਿਸ ‘ਤੇ ਕਿਸਾਨਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਸਟੇਸ਼ਨ ਇੰਚਾਰਜ ਕਬੀਰਪੁਰ ਲਖਵਿੰਦਰ ਸਿੰਘ ਅਤੇ ਸਟੇਸ਼ਨ ਇੰਚਾਰਜ ਸੁਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਇਸ ਦੌਰਾਨ ਡੀਡੀਪੀਓ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਬੇਸਿੱਟਾ ਰਹੀ। ਕਿਸਾਨ ਕਹਿ ਰਹੇ ਸਨ ਕਿ ਉਹ ਜ਼ਮੀਨ ਕਦੇ ਨਹੀਂ ਛੱਡਣਗੇ ਪਰ ਪ੍ਰਸ਼ਾਸਨ ਕਹਿ ਰਿਹਾ ਸੀ ਕਿ ਇਹ ਜ਼ਮੀਨ ਪੰਚਾਇਤ ਵਿਭਾਗ ਦੀ ਹੈ। ਤੁਹਾਨੂੰ ਛੱਡਣਾ ਪਵੇਗਾ ਇਸ ਦੌਰਾਨ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਕਾਫੀ ਬਹਿਸ ਵੀ ਹੋਈ। ਜਦੋਂ ਪ੍ਰਸ਼ਾਸਨ ਨੇ ਖੇਤਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਖੇਤਾਂ ਵਿੱਚ ਖੂਬ ਦੌੜਾਇਆ।