Go First ਏਅਰਲਾਈਨਜ਼ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਦਾ ਫਲਾਈਟ ਸੰਚਾਲਨ 30 ਮਈ ਤੱਕ ਮੁਅੱਤਲ ਰਹੇਗਾ ਅਤੇ ਯਾਤਰੀਆਂ ਨੂੰ ਪੂਰਾ ਰਿਫੰਡ ਜਾਰੀ ਕੀਤਾ ਜਾਵੇਗਾ। Go First ਨੇ ਸੰਚਾਲਨ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ 30 ਮਈ 2023 ਤੱਕ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਏਅਰਲਾਈਨ ਵੱਲੋਂ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਭੁਗਤਾਨ ਦੇ ਢੰਗ ਮੁਤਾਬਕ ਜਲਦੀ ਹੀ ਰਿਫੰਡ ਕਰ ਦਿੱਤਾ ਜਾਵੇਗਾ। ਕੰਪਨੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਫਲਾਈਟਾਂ ਦੇ ਰੱਦ ਹੋਣ ਨਾਲ ਲੋਕਾਂ ਦੀ ਯਾਤਰਾ ਯੋਜਨਾਵਾਂ ‘ਤੇ ਅਸਰ ਪੈਂਦਾ ਹੈ। ਅਸੀਂ ਆਪਣੇ ਵੱਲੋਂ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਅਸੀਂ ਜਲਦੀ ਹੀ ਇਕ ਵਾਰ ਫਿਰ ਬੁਕਿੰਗ ਪ੍ਰਕਿਰਿਆ ਸ਼ੁਰੂ ਕਰਾਂਗੇ।
ਇਸ ਤੋਂ ਪਹਿਲਾਂ, ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਸੰਕਟ ਨਾਲ ਪ੍ਰਭਾਵਿਤ Go First ਨੂੰ ਆਪਣੇ ਸੰਚਾਲਨ ਨੂੰ ਮੁੜ ਸੁਰਜੀਤ ਕਰਨ ਲਈ ਇਕ ਵਿਆਪਕ ਯੋਜਨਾ ਪੇਸ਼ ਕਰਨ ਲਈ ਕਿਹਾ ਸੀ। ਰੈਗੂਲੇਟਰ ਨੇ ਇਸ ਦੇ ਲਈ ਏਅਰਲਾਈਨ ਨੂੰ 30 ਦਿਨਾਂ ਦਾ ਸਮਾਂ ਦਿੱਤਾ ਹੈ। ਕੰਪਨੀ ਨੇ 3 ਮਈ ਨੂੰ ਫਲਾਈਟ ਬੰਦ ਕਰ ਦਿੱਤੀ ਸੀ।